ਸ਼ੇਰਬਾਜ ਸੰਧੂ ਵਰਗੇ ਲੀਡਰਾਂ ਦਾ ਘਰ ਬੈਠਣਾ ਸੁਖਬੀਰ ਬਾਦਲ ਨੂੰ ਪੈ ਸਕਦਾ ਹੈ ਮਹਿੰਗਾ

ਜਲਾਲਾਬਾਦ, (PNL) : ਪੰਜਾਬ ਦੀ ਰਾਜਨੀਤੀ ਵਿੱਚ ਆਪਣੇ ਆਪ ਨੂੰ ਮੁੜ ਜੀਵਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਆਗਾਮੀ ਲੋਕ ਸਭਾ ਚੌਣਾਂ ਵਿੱਚ ਕਰੋ ਜਾਂ ਮਰੋ ਵਾਲੀ ਸਥਿਤੀ ਵਿੱਚ ਹੈ। ਅਜਿਹੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਚੌਣ ਲੜਨ ਦੀ ਤਿਆਰੀ ਵਿੱਚ ਹਨ। ਪਰੰਤੂ ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਵਿੱਚ ਅਕਾਲੀਆਂ ਨੂੰ ਆਪਣਿਆਂ ਦੇ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਲੰਘੀਆਂ ਵਿਧਾਨ ਸਭਾ ਚੌਣਾਂ ਵਿੱਚ ਸੁਖਬੀਰ ਸਿੰਘ ਬਾਦਲ ਦੀ ਜਲਾਲਾਬਾਦ ਤੋਂ ਜਿੱਤ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਸ਼ੇਰਬਾਜ ਸਿੰਘ ਸੰਧੂ ਪਿਛਲੇ 2 ਸਾਲਾਂ ਤੋਂ ਅਕਾਲੀ ਦਲ ਦੀਆਂ ਰੈਲੀਆਂ, ਮੀਟਿੰਗਾਂ ਅਤੇ ਹੋਰ ਸਭਾਵਾਂ ਵਿਚੋਂ ਗਾਇਬ ਦਿਖਾਈ ਦੇ ਰਹੇ ਹਨ। ਇੱਥੋਂ ਤੱਕ ਕਿ 25 ਮਾਰਚ ਨੂੰ ਸੀਨੀਅਰ ਨੇਤਾ ਵਿਕ੍ਰਮਜੀਤ ਸਿੰਘ ਮਜੀਠੀਆ ਦੀ ਰੈਲੀ ਵਿੱਚ ਵੀ ਉਹ ਨਹੀਂ ਆਏ, ਜਿਸਤੋਂ ਸਾਫ ਜਾਹਰ ਹੈ ਕਿ ਇਸ ਵਾਰ ਅਕਾਲੀ ਦਲ ਨੂੰ ਵੀ ਆਪਣਿਆਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਧਰ ਦੂਜੇ ਪਾਸੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਗਏ ਸ਼ੇਰ ਸਿੰਘ ਘੁਬਾਇਆ ਵੀ ਆਪਣੀ ਟਿਕਟ ਕਾਂਗਰਸ ਵੱਲੋਂ ਪੱਕੀ ਮੰਨ ਕੇ ਨਰਾਜ ਹੋਏ ਅਕਾਲੀਆਂ ਨਾਲ ਸੰਪਰਕ ਸਾਧ ਰਹੇ ਹਨ, ਜਿਸਤੋਂ ਸਪਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਲਈ ਲੋਕ ਸਭਾ ਹਲਕਾ ਫਿਰੋਜ਼ਪੁਰ ਜਿਨਾ ਸੇਫ ਦਿਖਾਈ ਦੇ ਰਿਹਾ ਹੈ, ਉਨਾ ਹੋਵੇਗਾ ਨਹੀਂ। ਜਦੋਂ ਅਕਾਲੀ ਦਲ ਦੀਆਂ ਸਭਾਵਾਂ ਵਿਚੋਂ ਗਾਇਬ ਰਹਿਣ ਵਾਲੇ ਸ਼ੇਰਬਾਜ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਸੱਤਾ ਵਿੱਚ ਹੁੰਦਿਆਂ ਸਤਿੰਦਰਜੀਤ ਸਿੰਘ ਮੰਟਾ ਨੂੰ ਹਲਕਾ ਇੰਚਾਰਜ ਲਗਾਇਆ ਅਤੇ ਹਲਕੇ ਦੇ ਲੋਕਾਂ ਨਾਲ ਮੰਟਾ ਨੇ ਬਹੁਤ ਮਾੜੀ ਕੀਤੀ, ਜਿਸਤੋਂ ਵੱਡੀ ਗਿਣਤੀ ਵਿੱਚ ਮੰਟਾ ਦਾ ਵਿਰੋਧ ਸ਼ੁਰੂ ਹੋ ਗਿਆ।
ਉਨ੍ਹਾਂ ਕਿਹਾ ਕਿ ਹਲਕੇ ਦਾ ਪਿੰਡ ਕਾਠਗੜ੍ਹ ਤਾਂ ਅਜਿਹਾ ਪਿੰਡ ਸੀ, ਜਿੱਥੋਂ ਦੇ ਲੋਕਾਂ ਨੇ ਇਹ ਫੈਸਲਾ ਤੱਕ ਕਰ ਰਿਹਾ ਸੀ ਕਿ ਅਕਾਲੀ ਦਲ ਨੂੰ ਪਿੰਡ ਵਿੱਚ ਵੜ੍ਹਨ ਨਹੀਂ ਦਿੱਤਾ ਜਾਵੇਗਾ ਅਤੇ ਅਜਿਹੇ ਮਾੜੇ ਸਮੇਂ ਵਿੱਚ ਉਨ੍ਹਾਂ ਖੁਦ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਜਾ ਕੇ ਲੋਕਾਂ ਨੂੰ ਅਕਾਲੀ ਦਲ ਨਾਲ ਚੱਲਣ ਲਈ ਰਾਜੀ ਕੀਤਾ ਅਤੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਤਿੰਦਰਜੀਤ ਸਿੰਘ ਮੰਟਾ ਨੂੰ ਚੌਣਾਂ ਤੋਂ ਬਾਅਦ ਇਸ ਹਲਕੇ ਵਿੱਚ ਵੜ੍ਹਨ ਨਹੀਂ ਦੇਵਾਂਗਾ ਅਤੇ ਅਸੀਂ ਉਹੀ ਵਾਅਦਾ ਲੋਕਾਂ ਨਾਲ ਕੀਤਾ, ਜਿਸਦੇ ਨਤੀਜੇ ਵਜੋਂ ਕਮਜੌਰ ਪਿੰਡਾਂ ਵਿੱਚ ਵੀ ਅਸੀਂ ਹਜਾਰ ਤੋਂ ਵਧ ਵੋਟਾਂ ਲੈਣ ਵਿੱਚ ਕਾਮਯਾਬ ਹੋਏ ਪਰੰਤੂ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਮੰਟਾ ਨੂੰ ਫਿਰ ਤੋਂ ਇਸ ਹਲਕੇ ਵਿੱਚ ਭੇਜ ਕੇ ਆਪਣਾ ਵਾਅਦਾ ਤੋੜਿਆ ਅਤੇ ਹੁਣ ਅਸੀਂ ਲੋਕਾਂ ਵਿੱਚ ਨਹੀਂ ਜਾ ਸਕਦੇ, ਜਿਸ ਕਾਰਨ ਅਕਾਲੀ ਦਲ ਦੀਆਂ ਸਭਾਵਾਂ ਤੋਂ ਅਸੀਂ ਗਾਇਬ ਰਹਿੰਦੇ ਹਾਂ। ਉਧਰ ਜਦੋਂ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਲਈ ਸਾਰੇ ਹੀ ਅਕਾਲੀ ਸਤਿਕਾਰਯੋਗ ਹਨ ਅਤੇ ਮੈਂ ਇਸਤੋਂ ਜ਼ਿਆਦਾ ਹੋਰ ਕੁੱਝ ਨਹੀਂ ਕਹਿ ਸਕਦਾ।
Please follow and like us: