ਗਲੋਬਲ ਕਬਡੀ ਲੀਗ : ਹਰਿਆਣਾ ਲਾਇਨਜ਼ ਅਤੇ ਸਿੰਘ ਵਾਰੀਅਰਜ਼ ਪੰਜਾਬ ਨੇ ਕੀਤੀ ਜਿਤ ਦਰਜ

ਜਲੰਧਰ, (PNL) : ਹਰਿਆਣਾ ਲਾਇਨਜ਼ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਮੈਪਲ ਲੀਫ ਕੈਨੇਡਾ ਨੂੰ 60-43 ਦੇ ਫਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿੱਚ ਤੀਜੀ ਜਿੱਤ ਦਰਜ ਕਰਦੇ ਹੋਏ ਪੰਜ ਮੈਚਾਂ ਤੋਂ ਬਾਅਦ ਆਪਣੇ ਖਾਤੇ ਵਿੱਚ ਕੁਲ 9 ਅੰਕ ਜਮ੍ਹਾ ਕਰ ਲਏ ਹਨ। ਜਦਕਿ ਮੈਪਲ ਲੀਫ ਦੀ ਇਹ ਲੀਗ ਵਿੱਚ ਦੂਜੀ ਹਾਰ ਸੀ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿ ਕਰਵਾਈ ਜਾ ਰਹੀ ਲੀਗ ਵਿੱਚ ਅੱਠਵੇਂ ਦਿਨ ਕੁਲ ਤਿੰਨ ਮੈਚ ਖੇਡੇ ਗਏ।
ਦੂਜੇ ਮੈਚ ਵਿਚ ਸਿੰਘ ਵਾਰੀਅਰਜ਼ ਪੰਜਾਬ ਨੇ ਦਿੱਲੀ ਟਾਇਗਰਜ਼ ਨੂੰ 65-37 ਦੇ ਫਰਕ ਨਾਲ ਹਰਾ ਕੇ ਲੀਗ ਵਿੱਚ ਤੀਜੀ ਜਿੱਤ ਦਰਜ ਕਰਕੇ ਆਪਣੇ ਖਾਤੇ ਵਿੱਚ ਕੁੱਲ 9 ਅੰਕ ਕਰ ਲਏ ਹਨ ਜਦਕਿ ਦਿੱਲੀ ਲਾਇਨਜ਼ ਚਾਰ ਮੈਚਾਂ ਤੋਂ ਬਾਅਦ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਤੀਜੇ ਮੈਚ ਵਿੱਚ ਕੈਲੇਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ 59-40 ਦੇ ਫਰਕ ਨਾਲ ਹਰਾ ਕੇ ਆਪਣੀ ਚੋਥੀ ਜਿੱਤ ਦਰਜ ਕਰਕੇ ਆਪਣੇ ਅੰਕ 12 ਬਣਾ ਕੇ ਲੀਗ ਟੇਬਲ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ।
ਪਹਿਲੇ ਮੈਚ ਵਿੱਚ ਹਰਿਆਣਾ ਲਾਇਨਜ਼ ਅਤੇ ਮੈਪਲ ਲੀਫ ਕੈਨੇਡਾ ਦਰਮਿਆਨ ਕਾਫੀ ਸੰਘਰਸ਼ਪੂਰਨ ਰਿਹਾ। ਮੈਚ ਦੇ ਪਹਿਲੇ ਅੱਧ ਵਿੱਚ ਤਾਂ ਮੈਪਲ ਲੀਫ ਕੈਨੇਡਾ ਨੇ ਸਖਤ ਮੁਕਾਬਲਾ ਕੀਤਾ। ਖੇਡ ਦੇ ਪਹਿਲੇ ਕਵਾਰਟਰ ਵਿੱਚ ਹਰਿਆਣਾ ਲਾਇਨਜ਼ ਅਤੇ ਮੈਪਲ ਲੀਫ ਕੈਨੇਡਾ ਦੀਆਂ 13-13 ਤੇ ਬਰਾਬਰ ਸਨ ਜਦਕਿ ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ 26-25 ਨਾਲ ਅੱਗੇ ਸੀ। । ਅੱਧੇ ਸਮੇਂ ਬਾਅਦ ਤਾਜ਼ਾ ਦਮ ਹੋ ਕੇ ਹਰਿਆਣਾ ਲਾਇਨਜ਼ ਨੇ ਆਪਣੀ ਰਣਨੀਤੀ ਬਦਲੀ ਅਤੇ ਮੈਪਲ ਲੀਫ ਕੈਨੇਡਾ ਦੇ ਰੇਡਰਾਂ ਨੂੰ ਲਗਾਤਾਰ ਰੋਕੀ ਰੱਖਿਆ। ਜਿਸ ਦਾ ਨਤੀਜਾ ਇਹ ਹੋਇਆ ਕਿ ਤੀਜੇ ਕਵਾਰਟਰ ਦੇ ਅੰਤ ਤੱਕ ਸਕੋਰ ਹਰਿਆਣਾ ਦੇ ਹੱਕ ਵਿੱਚ 41-36 ਹੋ ਗਿਆ। ਖੇਡ ਦੇ ਚੌਥੇ ਕਵਾਰਟਰ ਵਿੱਚ ਹਰਿਆਣਾ ਦੇ ਜਾਫੀਆਂ ਬਿੱਲਾ ਅਤੇ ਰਿੰਕੂ ਨੇ ਬੇਹਤਰੀਨ ਜੱਫੇ ਲਾ ਕੇ ਆਪਣੀ ਟੀਮ ਨੂੰ 60-43 ਦੇ ਵੱਡੇ ਅੰਤਰ ਨਾਲ ਮਾਤ ਦੇ ਕੇ ਲੀਗ ਵਿੱਚ ਤੀਜੀ ਜਿੱਤ ਦਰਜ ਕੀਤੀ। ਹਰਿਆਣਾ ਵਲੋਂ ਰੇਡਰ ਕਪਤਾਨ ਵਿਨੈ ਖੱਤਰੀ ਨੇ 17 ਅਤੇ ਰਵੀ ਨੇ 15 ਅੰਕ ਹਾਸਲ ਕੀਤੇ।
ਦੂਜੇ ਮੈਚ ਵਿੱਚ ਦਿੱਲੀ ਟਾਇਗਰਜ਼ ਦੀ ਟੀਮ ਇਕ ਵਾਰ ਫਿਰ ਆਪਣੇ ਖੇਡ ਨਾਲ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹੀ ਅਤੇ ਸਿੰਘ ਵਾਰੀਅਰਜ਼ ਪੰਜਾਬ ਹੱਥੋਂ 65-37 ਦੇ ਫਰਕ ਨਾਲ ਹਾਰ ਗਈ। ਦਿੱਲੀ ਦੀ ਟੀਮ ਅਜੇ ਤੱਕ ਲੀਗ ਵਿੱਚ ਚਾਰ ਮੈਚਾਂ ਤੋਂ ਬਾਅਦ ਖਾਤਾ ਨਹੀਂ ਖੋਲ੍ਹ ਸਕੀ। ਖੇਡ ਦੇ ਪਹਿਲੇ ਕਵਾਰਟਰ ਵਿੱਚ ਹੀ ਸਿੰਘ ਵਾਰੀਅਰਜ਼ ਦੀ ਟੀਮ 15-9 ਨਾਲ ਅੱਗੇ ਸੀ। ਅੱਧੇ ਸਮੇਂ ਤੱਕ ਸਕੋਰ 30-19 ਸਿੰਘ ਵਾਰੀਅਰਜ਼ ਦੇ ਹੱਕ ਵਿੱਚ ਸੀ। ਖੇਡ ਦੇ ਤੀਜੇ ਕਵਾਰਟਰ ਦੇ ਖਤਮ ਹੋਣ ਤੱਕ ਸਕੋਰ 46-30 ਸਿੰਘ ਵਾਰੀਅਰਜ਼ ਦੇ ਹੱਕ ਵਿੱਚ ਸੀ। ਦਿੱਲੀ ਦੀ ਟੀਮ ਲੀਗ ਵਿੱਚ ਸਭ ਤੋਂ ਕਮਜ਼ੋਰ ਸਾਬਿਤ ਹੋ ਰਹੀ ਹੈ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 65-37 ਸਿੰਘ ਵਾਰੀਅਰਜ਼ ਪੰਜਾਬ ਦੇ ਹੱਕ ਵਿੱਚ ਰਿਹਾ।
ਆਖਰੀ ਲੀਗ ਮੈਚ ਵਿੱਚ ਕੈਲੇਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ 59-40 ਨਾਲ ਹਰਾ ਕੇ ਲੀਗ ਦੌਰ ਵਿੱਚ ਚੋਥੀ ਜਿੱਤ ਦਰਜ ਕਰਕੇ ਆਪਣੇ ਖਾਤੇ ਵਿੱਚ 12 ਅੰਕ ਕਰਕੇ ਲੀਗ ਸੂਚੀ ਵਿੱਚ ਪਹਿਲੀ ਥਾਂ ਬਣਾ ਲਈ ਹੈ। ਪਹਿਲੇ ਕਵਾਰਟਰ ਵਿੱਚ ਕੈਲੇਫੋਰਨੀਆ ਈਗਲਜ਼ 16-8 ਨਾਲ ਅੱਗੇ ਸੀ। ਅੱਧੇ ਸਮੇਂ ਤੱਕ ਕੈਲੈਫੋਰਨੀਆ ਈਗਲਜ਼ 30-19 ਦੇ ਫਰਕ ਨਾਲ ਅੱਗੇ ਸੀ। ਕੈਲੇਫੋਰਨੀਆ ਈਗਲਜ਼ ਵਲੋਂ ਕਪਤਾਨ ਮੰਗਤ ਮੰਗੀ ਦੀ ਝੰਡੀ ਰਹੀ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 59-40 ਕੈਲੇਫੋਰਨੀਆ ਈਗਲਜ਼ ਦੇ ਹੱਕ ਵਿੱਚ ਰਿਹਾ।
ਲੀਗ ਦੌਰ ਦਾ ਦੂਜਾ ਪੜਾਅ 24 ਅਕਤੂਬਰ ਤੋਂ ਲੁਧਿਆਣਾ ਵਿਖੇ ਸ਼ੁਰੂ ਹੋਵੇਗਾ।
Please follow and like us: