ਗਲੋਬਲ ਕਬੱਡੀ ਲੀਗ : ਹਰਿਆਣਾ ਲਾਇਨਜ਼ ਤੇ ਮੈਪਲ ਲੀਫ ਕੈਨੇਡਾ ਨੇ ਕਿਤੀ ਜਿੱਤ ਦਰਜ

ਜਲੰਧਰ, (PNL) : ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦੇ ਚੌਥੇ ਦਿਨ ਦੇ ਪਹਿਲੇ ਮੈਚ ਵਿੱਚ ਹਰਿਆਣਾ ਲਾਇਨਜ਼ ਨੇ ਦਿੱਲੀ ਟਾਇਗਰਜ਼ ਨੂੰ 59-43 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਇਸ ਲੀਗ ਦੇ ਪਹਿਲੇ ਪੜਾਅ ਦੇ ਦੋ ਮੈਚ ਖੇਡੇ ਗਏ। ਦਿੱਲੀ ਟਾਈਗਰਜ਼ ਦੀ ਟੀਮ ਨੂੰ ਲੀਗ ਵਿੱਚ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਲੀਗ ਦੇ ਤੀਜੇ ਦਿਨ ਦਿੱਲੀ ਟਾਇਗਰਜ਼ ਨੂੰ ਬਲੈਕ ਪੈਂਥਰਜ਼ ਨੇ ਹਰਾਇਆ ਸੀ। ਦੂਜੇ ਮੈਚ ਵਿੱਚ ਮੈਪਲ ਲੀਫ ਕੈਨੇਡਾ ਨੇ ਬਲੈਕ ਪੈਂਥਰਜ਼ ਨੂੰ 55-43 ਨਾਲ ਹਰਾ ਕੇ ਲੀਗ ਵਿੱਚ ਦੂਜੀ ਜਿੱਤ ਦਰਜ ਕੀਤੀ।
ਪਹਿਲੇ ਮੈਚ ਵਿੱਚ ਹਰਿਆਣਾ ਲਾਇਨਜ਼ ਨੇ ਇਕ ਮੈਚ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ੁਰੂ ਤੋਂ ਹੀ ਮੈਚ ਤੇ ਪਕੜ ਬਣਾਈ। ਪਹਿਲੇ ਕਵਾਰਟਰ ਵਿੱਚ ਹਰਿਆਣਾ ਦੀ ਟੀਮ ਨੇ 6 ਅੰਕ ਦੀ ਬੜਤ ਬਣਾ ਲਈ ਸੀ। ਅੱਧੇ ਸਮੇਂ ਤੱਕ ਹਰਿਆਣਾ ਲਾਇਨਜ਼ ਦੀ ਟੀਮ 29-22 ਨਾਲ ਅੱਗੇ ਸੀ। ਹਰਿਆਣਾ ਦੇ ਕਪਤਾਨ ਵਿਨੈ ਖੱਤਰੀ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਜਦਕਿ ਦਿੱਲੀ ਦੇ ਕਪਤਾਨ ਪਰਨੀਕ ਨੇ ਆਪਣੀ ਟੀਮ ਨੂੰ ਮੈਚ ਵਿੱਚ ਦੁਬਾਰਾ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ। ਖੇਡ ਦੇ ਤੀਜੇ ਅਤੇ ਚੋਥੇ ਕਵਾਰਟਰ ਵਿੱਚ ਹਰਿਆਣਾ ਦੇ ਜਾਫੀਆਂ ਨੇ ਦਿੱਲੀ ਦੇ ਰੇਡਰਾਂ ਨੂੰ ਜਾਮ ਕਰਕੇ ਰੱਖ ਦਿੱਤਾ। ਹਰਿਆਣਾ ਦੇ ਜਾਫੀ ਬਿੱਲਾ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਹਰਿਆਣਾ ਦੇ ਹੱਕ ਵਿੱਚ ਸਕੋਰ 59-43 ਰਿਹਾ।
ਦੂਜੇ ਮੈਚ ਵਿੱਚ ਮੈਪਲ ਲੀਫ ਕੈਨੇਡਾ ਨੂੰ ਪਹਿਲੇ ਅਤੇ ਦੂਜੇ ਕਵਾਰਟਰ ਵਿੱਚ ਬਲੈਕ ਪੈਂਥਰਜ਼ ਨੇ ਸਖਤ ਟੱਕਰ ਦਿੱਤਾ ਪਰ ਉਸ ਤੋਂ ਬਾਅਦ ਮੈਪਲ ਲੀਫ ਕੈਨੇਡਾ ਦੇ ਰੇਡਰਾਂ ਅਤੇ ਜਾਫੀਆਂ ਦੇ ਬੇਹਤਰੀਨ ਪ੍ਰਦਰਸ਼ਨ ਨੇ ਬਲੈਕ ਪੈਂਥਰਜ਼ ਦੇ ਹੌਸਲੇ ਪਸਤ ਕਰ ਦਿੱਤੇ। ਪਹਿਲੈ ਕਵਾਰਟਰ ਵਿੱਚ ਬਲੈਕ ਪੈਂਥਰਜ਼ 13-12 ਨਾਲ ਅੱਗੇ ਸੀ ਅਤੇ ਦੂਜੇ ਕਵਾਰਟਰ ਵਿੱਚ ਇਕ ਵੇਲੇ ਸਕੋਰ 19-19 ਹੋ ਗਿਆ ਪਰ ਉਸ ਤੋਂ ਬਾਅਦ ਅੱਧੇ ਸਮੇਂ ਤੱਕ ਕੈਨੇਡਾ ਦੀ ਟੀਮ 29-21 ਨਾਲ ਅੱਗੇ ਹੋ ਗਈ। ਖੇਡ ਦੇ ਤੀਜੇ ਅਤੇ ਚੌਥੇ ਕਵਾਰਟਰ ਵਿੱਚ ਮੈਪਲ ਲੀਫ ਨੇ ਪੈਂਥਰਜ਼ ਨੂੰ ਪੂਰੀ ਤਰ੍ਹਾਂ ਨਾਲ ਰੋਕੀ ਰੱਖਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 55-43 ਮੈਪਲ ਲੀਫ ਕੈਨੇਡਾ ਦੇ ਹੱਕ ਵਿੱਚ ਰਿਹਾ। ਕੈਨਡਾ ਦੇ ਜਾਫੀ ਏਕਮ ਹਠੂਰ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।
ਅੱਜ ਦੇ ਮੈਚਾਂ ਦੇ ਸਮੇਂ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ, ਦੀਪਰਵ ਲਾਕੜਾ ਕਮਿਸ਼ਨਰ ਨਗਰ ਨਿਗਮ ਜਲੰਧਰ, ਅਮਰਜੀਤ ਸਿੰਘ ਟੁੱਟ, ਸੁਰਜੀਤ ਸਿੰਘ ਟੁੱਟ, ਰਣਬੀਰ ਸਿੰਘ ਟੁੱਟ, ਯੋਗੇਸ਼ ਛਾਬੜਾ, ਤਰਲੋਕ ਸਿੰਘ ਭੁੱਲਰ, ਐਲ ਆਰ ਨਈਅਰ, ਇਕਬਾਲ ਸਿੰਘ ਏਡੀਸੀ ਲੁਧਿਆਣਾ, ਸੁਰਿੰਦਰ ਸਿੰਘ, ਕੁਲਵੰਤ ਸਿੰਘ ਹੀਰ ਐਸ ਪੀ ਅਤੇ ਹੋਰ ਬਹੁਤ ਸਾਰੇ ਕਬੱਡੀ ਪ੍ਰੇਮੀ ਹਾਜ਼ਰ ਸਨ।
Please follow and like us: